ਇੱਕ ਪਾਸੇ ਮਜ਼ਦੂਰ ਕਰੋਨਾ ਲਾਗ ਅਤੇ ਮੌਤ ਦੇ ਖ਼ਤਰੇ ਨੂੰ ਝੱਲ ਰਹੇ ਹਨ। ਦੂਜੇ ਪਾਸੇ ਨਿਰੀ ਮਜ਼ਦੂਰ-ਦੋਖੀ ਮੋਦੀ ਸਰਕਾਰ ਨੇ ਇਸ ਸੰਕਟ ‘ਚ ਬਿਨਾਂ ਕਿਸੇ ਤਿਆਰੀ ਅਤੇ ਵਿਉਂਤ ਦੇ ਜਿਹੜਾ ਲਾਕਡਾਊਨ ਮੜ੍ਹਿਆ ਉਸ ਵਿੱਚ ਵੀ ਸੈਂਕੜੇ ਜਾਨਾਂ ਖੁੱਸ ਗਈਆਂ। ਜਿਹੜੇ ਪ੍ਰਵਾਸੀ ਮਜ਼ਦੂਰ ਆਪਣੇ ਘਰਾਂ ਨੂੰ ਮੁੜਣਾ ਚਾਹੁੰਦੇ ਸੀ, ਉਨ੍ਹਾਂ ਵਾਸਤੇ ਕੋਈ ਇੰਤਜਾਮ ਨਹੀਂ ਕੀਤਾ ਗਿਆ। ਸਿੱਟੇ ਵਜੋਂ, ਮਜ਼ਦੂਰ ਰੇਲਗੱਡੀਆਂ ‘ਚ ਘੱਟੋ-ਘੱਟ 80 ਮਜ਼ਦੂਰ ਅਤੇ ਉਨ੍ਹਾਂ ਦੇ ਬੱਚਿਆਂ ਦੀ ਮੌਤ ਹੋਈ। ਹੁਣ ਫੇਰ ਬਿਨਾਂ ਕਿਸੇ ਵਿਉਂਤ ਦੇ ਲਾਕਡਾਊਨ ਨੂੰ ਖੋਲ੍ਹਣ ਦੇ ਨਾਂ ‘ਤੇ ਸਾਨੂੰ ਫੈਕਟਰੀਆਂ ‘ਚ ਕੰਮ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ, ਤਾਂ ਜੋ ਸਰਮਾਏਦਾਰਾਂ ਦੀ ਕਈ ਮਹੀਨਿਆਂ ਤੋਂ ਰੁਕੀ ਹੋਈ ਮੁਨਾਫੇ ਦੀ ਮਸ਼ੀਨਰੀ ਚਾਲੂ ਹੋ ਸਕੇ। ਸਿੱਟੇ ਵਜੋਂ, ਦੇਸ਼ ਦੀਆਂ ਦਰਜਨਾਂ ਫੈਕਟਰੀਆਂ ਅਤੇ ਦਫ਼ਤਰਾਂ ‘ਚ ਮਜ਼ਦੂਰ ਸਾਥੀਆਂ ਨੂੰ ਕਰੋਨਾ ਲਾਗ ਹੋ ਰਹੀ ਹੈ, ਮਜ਼ਦੂਰ ਬਸਤੀਆਂ ‘ਚ ਕਰੋਨਾ ਲਾਗ ਤੇਜੀ ਨਾਲ ਫੈਲ ਰਹੀ ਹੈ ਅਤੇ ਉਨ੍ਹਾਂ ਦੀਆਂ ਮੌਤਾਂ ਹੋ ਰਹੀਆਂ ਹਨ ਅਤੇ ਇਸ ਸੰਬੰਧੀ ਜਾਣਕਾਰੀ ਨੂੰ ਵੱਡੇ ਪੱਧਰ ‘ਤੇ ਲੁਕਾਇਆ ਜਾ ਰਿਹਾ ਹੈ। ਸਰਮਾਏਦਾਰਾਂ ਅਤੇ ਉਨ੍ਹਾਂ ਦੇ ਦਲਾਲਾਂ ਨੇ ਸਾਨੂੰ ਇਨ੍ਹਾਂ ਚੋਂ ਕੋਈ ਇੱਕ ਚੁਣਨ ਨੂੰ ਕਿਹਾ ਹੈ ਕਿ ਜਾਂ ਤਾਂ ਭੁੱਖ ਅਤੇ ਬੇਰੁਜ਼ਗਾਰੀ ਨਾਲ ਮਰੋ, ਜਾਂ ਫੇਰ ਕਰੋਨਾ ਨਾਲ ਮਰੋ! ਇਹ ਦੋਵੇਂ ਰਾਹ ਗਲਤ ਹਨ ਅਤੇ ਸਾਨੂੰ ਭੁੱਖ-ਬੇਰੁਜ਼ਗਾਰੀ ਨਾਲ ਮੌਤ ਅਤੇ ਕਰੋਨਾ ਨਾਲ ਮੌਤ, ਦੋਵਾਂ ਤੋਂ ਹੀ ਸੁਰੱਖਿਆ ਦਾ ਪੂਰਾ ਹੱਕ ਹੈ।